ਅਮ੍ਰਿਤ ਵੇਲੇ ਦਾ ਹੁਕਮਨਾਮਾ – 11 ਅਗਸਤ 2023

ਅੰਗ : 637

ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧। ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ। ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।

Share On Whatsapp
Leave a Reply




"1" Comment
Leave Comment
  1. Waheguru Ji🙏🌹