ਸੰਧਿਆ ਵੇਲੇ ਦਾ ਹੁਕਮਨਾਮਾ – 24 ਜੁਲਾਈ 2023

ਅੰਗ : 685

ਧਨਾਸਰੀ ਮਹਲਾ ੯ ॥ ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥ ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥

ਅਰਥ: ਹੇ ਭਾਈ! ਹੁਣ ਮੈਂ ਕੇਹੜਾ ਜਤਨ ਕਰਾਂ ਜਿਸ ਤਰ੍ਹਾਂ (ਮੇਰੇ) ਮਨ ਦਾ ਸਹਮ ਮੁੱਕ ਜਾਏ, ਅਤੇ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ।੧।ਰਹਾਉ।
ਹੇ ਭਾਈ! ਮਨੁੱਖਾ ਜਨਮ ਪ੍ਰਾਪਤ ਕਰ ਕੇ ਮੈਂ ਕੋਈ ਭਲਾਈ ਨਹੀਂ ਕੀਤੀ, ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ। ਮੈਂ (ਆਪਣੀ) ਜਿੰਦ ਵਿਚ (ਹਰ ਵੇਲੇ) ਇਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ,
ਬਚਨ ਨਾਲ, ਕਰਮ ਨਾਲ (ਕਦੇ ਭੀ) ਪਰਮਾਤਮਾ ਦੇ ਗੁਣ ਨਹੀਂ ਗਾਂਦਾ ਰਿਹਾ।੧। ਹੇ ਭਾਈ! ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇਂ।੨।੪।੯।੯।੧੩।੫੮।੪।੯੩।

Share On Whatsapp
Leave a Reply




"1" Comment
Leave Comment
  1. SIMRANJOT SINGH

    Waheguru Ji🙏🌹