ਅੰਗ : 502
ਗੂਜਰੀ ਮਹਲਾ ੫ ॥ ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥ ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥ ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥ ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥ ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥ ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥ ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥ ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥
ਅਰਥ: ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ। ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ।੧। ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ। ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।੧।ਰਹਾਉ। ਹੇ ਭਾਈ! ਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ।੨। ਹੇ ਭਾਈ! ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ।੩। ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ। ਹੇ ਨਾਨਕ! ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ।੪।੩੨।
Waheguru Ji🙏