ਸੰਧਿਆ ਵੇਲੇ ਦਾ ਹੁਕਮਨਾਮਾ – 6 ਜੂਨ 2023

ਅੰਗ : 675

ਧਨਾਸਿਰੀ ਮਹਲਾ ੫ ॥ ਅਉਖਧੁ ਤੇਰੋ ਨਾਮੁ ਦਇਆਲ ॥ ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥ ਧਾਰਿ ਅਨੁਗ੍ਰਹੁ ਸੁਆਮੀ ਮੇਰੇ ਦੁਤੀਆ ਭਾਉ ਨਿਵਾਰਿ ॥ ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੂ ਨ ਆਵਹ ਹਾਰਿ ॥੧॥ ਤੇਰੀ ਸਰਨਿ ਪਇਆ ਹਉ ਜੀਵਾਂ ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥ ਆਠ ਪਹਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨੁ ॥੨॥੧੮॥

ਅਰਥ: ਹੇ ਦਇਆ ਦੇ ਘਰ ਪ੍ਰਭੂ! ਤੇਰਾ ਨਾਮ (ਮੇਰੇ ਹਰੇਕ ਰੋਗ ਦੀ) ਦਵਾਈ ਹੈ, ਪਰ ਮੈਂ ਦੁੱਖੀਏ ਨੇ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈਂ, (ਫਿਰ ਭੀ) ਤੂੰ ਆਪ ਮੇਰੀ ਪਾਲਣਾ ਕਰਦਾ ਹੈਂ ॥੧॥ ਰਹਾਉ ॥ ਹੇ ਮੇਰੇ ਮਾਲਕ! ਮੇਰੇ ਉੱਤੇ ਮੇਹਰ ਕਰ (ਮੇਰੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ। ਹੇ ਪ੍ਰਭੂ! ਸਾਡੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ, ਅਸੀਂ ਕਦੇ (ਮਨੁੱਖ ਜਨਮ ਦੀ ਬਾਜ਼ੀ) ਹਾਰ ਕੇ ਨਾਹ ਆਵੀਏ ॥੧॥ (ਹੇ ਪ੍ਰਭੂ!) ਤੇਰੀ ਸਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ (ਮੈਨੂੰ ਆਪਣੀ ਸਰਨ ਵਿਚ ਰੱਖ) ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਭ ਉਤੇ) ਦਇਆ ਕਰਨ ਵਾਲਾ ਹੈਂ। (ਹੇ ਭਾਈ! ਮੇਰੀ ਇਹੀ ਅਰਦਾਸ ਹੈ ਕਿ) ਮੈਂ ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹਾਂ। ਹੇ ਨਾਨਕ! (ਆਖ-) ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੧੮॥

Share On Whatsapp
Leave a Reply