ਅੰਗ : 587
ਸਲੋਕੁ ਮਃ ੩ ॥ ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥ ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥ ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥ ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥ ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥ ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥ ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥
ਅਰਥ: ਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ; (ਭੇਖੀ ਸਾਧੂ ਤ੍ਰਿਸ਼ਨਾ ਦੇ) ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ। ਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ (ਭਾਵ, ਤ੍ਰਿਪਤ ਹੋ ਜਾਏ); ਪਰ ਮਨ ਦੇ ਹਠ ਦੇ ਆਸਰੇ (ਭਿੱਖਿਆ) ਮੰਗਿਆਂ (ਦੋਹੀਂ ਧਿਰੀਂ) ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ। ਇਸ ਭੇਖ ਨਾਲੋਂ ਗ੍ਰਿਹਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ। ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ। ਪਿਛਲੇ ਕੀਤੇ ਕਰਮਾਂ (ਦੇ ਸੰਸਕਾਰਾਂ ਅਨੁਸਾਰ) ਦੀ ਕਾਰ ਕਮਾਉਣੀ ਪੈਂਦੀ ਹੈ। ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ? ਹੇ ਨਾਨਕ! ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ (ਭਾਵ, ਲਾਜ ਰੱਖਦਾ ਹੈਂ) ॥੧॥
Waheguru Ji🙏