ਅਮ੍ਰਿਤ ਵੇਲੇ ਦਾ ਹੁਕਮਨਾਮਾ – 24 ਮਈ 2023

ਅੰਗ : 663

ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥

ਅਰਥ: ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ ॥੧॥ (ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ ॥ ਰਹਾਉ ॥ (ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ- (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ ॥੨॥ ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥ (ਹੇ ਭਾਈ! ਭਾਵੇਂ) ਉਹ ਇੱਕ ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਨਾਨਕ ਜੀ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥

Share On Whatsapp
Leave a Reply




"2" Comments
Leave Comment
  1. SIMRANJOT SINGH

    Waheguru Ji🙏

  2. Harpinder Singh

    Waheguru Ji🌹🙏🏻