ਅਮ੍ਰਿਤ ਵੇਲੇ ਦਾ ਹੁਕਮਨਾਮਾ – 6 ਮਈ 2023

ਅੰਗ : 783

ਸੂਹੀ ਮਹਲਾ ੫ ॥ ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥ ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥ ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥ ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥ ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥

ਅਰਥ: (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ। ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ। ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ। (ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ। (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ ਕਿ ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ॥੧॥

Share On Whatsapp
Leave a Reply