ਅਮ੍ਰਿਤ ਵੇਲੇ ਦਾ ਹੁਕਮਨਾਮਾ – 20 ਅਪ੍ਰੈਲ 2023

ਅੰਗ : 845

ਬਿਲਾਵਲੁ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥ ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥ ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥ ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥ ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥ ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ ॥ ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥ ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥ ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥ ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ ॥ ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥ ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ ॥ ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥ ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ ॥ ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ ॥ ਗੁਰ ਚਰਣੀ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥ ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ ॥ ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥

ਅਰਥ : ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ । ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ । (ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ । (ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ—ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ । (ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ—) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ । ਨਾਨਕ (ਭੀ) ਬੇਨਤੀ ਕਰਦਾ ਹੈ—(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ ।੧। ਹੇ ਭਾਈ! (ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਜਿਹੜਾ ਮਨੁੱਖ ਇਹ) ਹਰਿ-ਨਾਮ ਵਿਹਾਝਦਾ ਹੈ, (ਉਸ ਦੇ ਅੰਦਰ) ਧੀਰਜ ਪੈਦਾ ਹੋ ਜਾਂਦੀ ਹੈ । ਪਰ ਇਹ ਨਾਮ-ਰਤਨ (ਕੋਈ ਵਿਰਲਾ) ਖੋਜ ਕਰਨ ਵਾਲਾ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਲ ਕਰਦਾ ਹੈ । ਜਿਸ ਵਡ-ਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ, (ਉਹੀ) ਮਿਹਰ ਕਰ ਕੇ (ਉਸ ਨੂੰ) ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦੇ ਹਨ । ਹੇ ਭਾਈ! (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸੁਰਤਿ ਜੋੜ ਕੇ, ਮਨ ਲਾ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਕੇ (ਪਰਮਾਤਮਾ ਦਾ) ਨਾਮ ਸਿਮਰਿਆ ਕਰ । ਪ੍ਰਭੂ ਦੇ ਦਰ ਤੇ (ਦੋਵੇਂ) ਹੱਥ ਜੋੜ ਕੇ ਅਰਦਾਸ ਕਰਿਆ ਕਰ । (ਜਿਹੜਾ ਮਨੁੱਖ ਨਿੱਤ ਅਰਦਾਸ ਕਰਦਾ ਰਹਿੰਦਾ ਹੈ, ਉਸ ਨੂੰ ਮਨੁੱਖਾ ਜੀਵਨ ਦੀ) ਖੱਟੀ (ਵਜੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਮਿਲਦੀ ਹੈ । ਹੇ ਅਪਹੁੰਚ ਤੇ ਆਥਾਹ ਪ੍ਰਭੂ! ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ—ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼) ।੨। (ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ । ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ । ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ । ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ) । (ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ । (ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ । ਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ । (ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ) । (ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ । ਨਾਨਕ ਬੇਨਤੀ ਕਰਦਾ ਹੈ—(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ।੩। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ, ਉਸ ਦਾ (ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ । (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ । ਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ । ਨਾਨਕ ਬੇਨਤੀ ਕਰਦਾ ਹੈ—(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤਿ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ।੪।੧।

Share On Whatsapp
Leave a Reply




"1" Comment
Leave Comment
  1. Waheguru Ji🙏