ਅੰਗ : 714
ਟੋਡੀ ਮਹਲਾ ੫ ॥ ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥
ਅਰਥ : ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)। ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ ? ॥੧॥ ਰਹਾਉ ॥ ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥ ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ। ਹੇ ਨਾਨਕ ਜੀ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥
Waheguru Ji🙏