ਸੰਧਿਆ ਵੇਲੇ ਦਾ ਹੁਕਮਨਾਮਾ – 13 ਅਪ੍ਰੈਲ 2023

ਅੰਗ : 711

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥*
ਰਾਗੁ ਟੋਡੀ ਮਹਲਾ ੪ ਘਰੁ ੧ ॥
ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

ਅਰਥ : ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਮੇਰਾ ਮਨ (ਉਸ ਹਰੀ ਪ੍ਰਭੂ ਵਾਹਿਗੁਰੂ ਪਰਮ ਪਿਤਾ) ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ। ਗੁਰੂ (ਜਿਸ ਮਨੁੱਖ ਨੂੰ) ਜਿੰਦ ਦੇ ਪਿਆਰੇ ਪ੍ਰਭੂ ਪਿਤਾ ਪਰਮਾਤਮਾ ਨਾਲ ਮਿਲਾ ਦੇਂਦਾ ਹੈ, ਉਸ ਮਨੁੱਖ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ (ਭਾਵ ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ)।1। ਰਹਾਉ। ਹੇ ਭਾਈ! ਮੇਰੇ ਹਿਰਦੇ ਵਿਚ ਹਰੀ ਪ੍ਰਭੂ ਵਾਹਿਗੁਰੂ (ਨੂੰ ਮਿਲਣ ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਨੂੰ ਵੇਖ ਲਵਾਂ। ਦਇਆਲੂ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ—ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ।1। ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਸਰਵ ਗੁਣ ਸੰਪਨ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ।2। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ (ਕਾਮ ਕ੍ਰੋਧ ਮੋਹ ਅਹੰਕਾਰ ਤੇ ) ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਹਰੀ ਪ੍ਰਭੂ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਭੁੱਲਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ)।3। ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ।4।1।

Share On Whatsapp
Leave a Reply




"1" Comment
Leave Comment
  1. SIMRANJOT SINGH

    Waheguru Ji🙏