ਅਮ੍ਰਿਤ ਵੇਲੇ ਦਾ ਹੁਕਮਨਾਮਾ – 23 ਮਾਰਚ 2023

ਅੰਗ : 622

ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥

ਅਰਥ : ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥ ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ॥ ਰਹਾਉ ॥ ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ, ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ। ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥ ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ। ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ। (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥ ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ। ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। ਹੇ ਨਾਨਕ ਜੀ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ। ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥

Share On Whatsapp
Leave a Reply




"1" Comment
Leave Comment
  1. Waheguru Ji🙏