ਅਮ੍ਰਿਤ ਵੇਲੇ ਦਾ ਹੁਕਮਨਾਮਾ – 6 ਮਾਰਚ 2023

ਅੰਗ : 740

ਸੂਹੀ ਮਹਲਾ ੫ ॥ ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥ ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ ਕਹੁ ਨਾਨਕ ਇਹੁ ਤਤੁ ਬੀਚਾਰੀ ॥ ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥

ਅਰਥ : ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ, ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥ ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ। ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ ॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ, ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥ ਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ। ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ – ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥ ਨਾਨਕ ਜੀ ਆਖਦੇ ਹਨ – (ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ, ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥

Share On Whatsapp
Leave a Reply