ਅਮ੍ਰਿਤ ਵੇਲੇ ਦਾ ਹੁਕਮਨਾਮਾ – 24 ਫਰਵਰੀ 2023

ਅੰਗ : 666

ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

ਅਰਥ : ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥

Share On Whatsapp
Leave a Reply




"2" Comments
Leave Comment
  1. Waheguru ji

  2. Waheguru Ji🙏