ਅੰਗ : 613
ਸੋਰਠਿ ਮਹਲਾ ੫ ॥ ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥ ਹਰਿ ਜਨ ਕਉ ਇਹੀ ਸੁਹਾਵੈ ॥ ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥
ਅਰਥ : (ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ, ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ।੧। ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ। (ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ।ਰਹਾਉ। ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ, ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ।੨।
Waheguru Ji🙏