ਅਮ੍ਰਿਤ ਵੇਲੇ ਦਾ ਹੁਕਮਨਾਮਾ – 30 ਅਕਤੂਬਰ 2022

ਆਸਾ ॥ ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ ॥ ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥ ਕਊਆ ਕਹਾ ਕਪੂਰ ਚਰਾਏ ॥ ਕਹ ਬਿਸੀਅਰ ਕਉ ਦੂਧੁ ਪੀਆਏ ॥੨॥ ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥ ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥

ਅਰਥ: (ਜਿਵੇਂ) ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ, ਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ।1। (ਹੇ ਭਾਈ! ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ।1। ਰਹਾਉ। ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ, ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ)।2। ਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ, ਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ।3। ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ, ਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ (ਭਾਵ, ਜੋ ਸੰਸਕਾਰ ਇਸ ਦੇ ਮਨ ਵਿਚ ਬਣ ਚੁਕੇ ਹਨ) ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ।4। ਕਬੀਰ ਜੀ ਕਿਹੰਦੇ ਹਨ – ਜੇ ਅੰਮ੍ਰਿਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ, ਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ।5।7। 20।

Share On Whatsapp
Leave a Reply