ਅੰਗ : 701
ਜੈਤਸਰੀ ਮਹਲਾ ੫ ॥ ਜਾ ਕਉ ਭਏ ਗੋਵਿੰਦ ਸਹਾਈ ॥ ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥ ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥ ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥ ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥
ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ, (ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ ॥੧॥ ਰਹਾਉ ॥ ਹੇ ਭਾਈ! ਉਹ ਮਨੁੱਖ ਸਭਨਾਂ ਨਾਲ (ਵਰਤਦੇ) ਦਿੱਸਦੇ ਹਨ, ਪਰ ਉਹ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ, ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ – ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ॥੧॥ ਉਹ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ। ਹੇ ਨਾਨਕ ਜੀ! ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੩॥੭॥
ਵਾਹਿਗੁਰੂ ਜੀ
Waheguru Ji🙏