ਅਮ੍ਰਿਤ ਵੇਲੇ ਦਾ ਹੁਕਮਨਾਮਾ – 24 ਅਕਤੂਬਰ 2025

ਅੰਗ : 961
ਸਲੋਕ ਮਃ ੫ ॥ ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥ ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥ ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥ ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥ ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥ ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥ ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥ ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥ ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥ ਮਃ ੫ ॥ ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥ ਇਕਸ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥ ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥ ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥ ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥ ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਇ ਨਾਹਿ ॥ ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥ ਪਉੜੀ ॥ ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥ ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥ ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥ ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥ ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥ ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥ ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥ ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥
ਅਰਥ: ਹੇ ਕਿਰਪਾਲ (ਪ੍ਰਭੂ)! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ, ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ ।(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ; ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ ।(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ ।(ਹੇ ਭਾਈ! ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ ।ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼, (ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ ।੧।ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ । ਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ । ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ । ਹੇ ਭਾਈ! ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ ।ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ । ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ ।ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ । ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ।੨।(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ, ਕਿਉਂਕਿ ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ ।(ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ, ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ ।(ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ, ਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ ।ਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ (ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ।੮।

Share On Whatsapp
Leave a Reply




"2" Comments
Leave Comment
  1. Waheguru Ji Baksh Lavo Tusi Bakshanhaar Ho

  2. SinderPal Singh janagal

    wahe guru mehar kre ji Sat shari akal ji