ਅਮ੍ਰਿਤ ਵੇਲੇ ਦਾ ਹੁਕਮਨਾਮਾ – 28 ਜੁਲਾਈ 2025

ਅੰਗ : 796
ਬਿਲਾਵਲੁ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥ ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
ਅਰਥ: ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ। (ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ। (ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ। ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ॥੧॥ ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੋੜਨ ਨਹੀਂ ਦੇਂਦਾ। ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ ॥੧॥ ਰਹਾਉ॥

Share On Whatsapp
Leave a Reply