ਅਮ੍ਰਿਤ ਵੇਲੇ ਦਾ ਹੁਕਮਨਾਮਾ – 02 ਜੁਲਾਈ 2025

ਅੰਗ : 612
ਸੋਰਠਿ ਮਹਲਾ ੫ ॥ ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥ ਹਰਿ ਆਰਾਧੇ ਅਰੋਗ ਅਨਦਾਈ ॥ ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥ ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥ ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥ ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥ ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥
ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨਾਂ ਨਾਲ ਪਰਚ ਜਾਂਦਾ ਹੈ, ਉਹ ਮਨੁੱਖ (ਮਾਇਆ ਵਲੋਂ) ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ। ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਅਮੋਲਕ ਗੁਣ ਨਹੀਂ ਆ ਵੱਸਦੇ, ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿੰਦੇ ਹਨ।1। ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਏ ਹੋ ਜਾਈਦਾ ਹੈ, ਆਤਮਕ ਅਨੰਦ ਬਣਿਆ ਰਹਿੰਦਾ ਹੈ। ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਸ ਉਤੇ (ਇਉਂ) ਜਾਣੋ (ਜਿਵੇਂ) ਲੱਖਾਂ ਤਕਲਫ਼ਿਾਂ ਆ ਪੈਂਦੀਆਂ ਹਨ। ਰਹਾਉ। ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ।2। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ। ਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ।3। ਹੇ ਨਾਨਕ! (ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ,ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ। ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ।4। 4।15।

Share On Whatsapp
Leave a Reply




"2" Comments
Leave Comment
  1. ਵਾਹਿਗੁਰੂ ਜੀ 🙏

  2. waheguru ji🙏