ਅੰਗ : 618
ਸੋਰਠਿ ਮਹਲਾ ੫ ॥ ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥ ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥ ਸਤਿਗੁਰੁ ਪੂਰਾ ਮੇਰੈ ਨਾਲਿ ॥ ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥ ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥ ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥
ਅਰਥ: ਹੇ ਭਾਈ! ਪੂਰਾ ਗੁਰੂ (ਹਰ ਵੇਲੇ) ਮੇਰੇ ਨਾਲ (ਮਦਦਗਾਰ) ਹੈ, (ਉਸ ਦੀ ਮੇਹਰ ਨਾਲ) ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ-ਚਿੱਤ ਰਹਿੰਦਾ ਹਾਂ।ਰਹਾਉ। ਹੇ ਭਾਈ! ਪੂਰੇ ਗੁਰੂ ਨੇ (ਮੇਰੇ ਅੰਦਰ) ਆਪਣੀ (ਅਜੇਹੀ) ਤਾਕਤ ਭਰ ਦਿੱਤੀ ਹੈ (ਕਿ ਮੇਰੇ ਅੰਦਰ) ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ ਹੈ। (ਗੁਰੂ ਨੇ) ਆਪ ਹੀ (ਮੈਨੂੰ ਪ੍ਰਭੂ-ਚਰਨਾਂ ਵਿਚ) ਜੋੜ ਕੇ (ਮੈਨੂੰ) ਆਤਮਕ ਉੱਚਤਾ ਬਖ਼ਸ਼ੀ ਹੈ, (ਹੁਣ ਮੇਰੇ ਅੰਦਰ) ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ।ਰਹਾਉ। ਹੇ ਭਾਈ! ਹੁਣ ਆਪਣੇ ਅੰਦਰ ਤੇ ਬਾਹਰ (ਸਾਰੇ ਜਗਤ ਵਿਚ) , ਹਰ ਥਾਂ ਵਿਚ, ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ (ਵੱਸਦਾ ਵੇਖਦਾ ਹਾਂ) । ਹੇ ਨਾਨਕ! ਮੈਨੂੰ) ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ (ਇਹੋ ਜਿਹੀ ਦਾਤਿ ਬਖ਼ਸ਼ ਸਕਣ ਵਾਲਾ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।੨।੧੧।੩੯।