ਅੰਗ : 633
ਸੋਰਠਿ ਮਹਲਾ ੯ ॥
ਰੇ ਨਰ ਇਹ ਸਾਚੀ ਜੀਅ ਧਾਰਿ ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥
ਅਰਥ: ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ, (ਕਿ) ਸਾਰਾ* *ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥ ਹੇ ਭਾਈ! (ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ। ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ? ॥੧॥ ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ । ਨਾਨਕ ਜੀ ਆਖਦੇ ਹਨ – (ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ ॥੨॥੮॥