ਅਮ੍ਰਿਤ ਵੇਲੇ ਦਾ ਹੁਕਮਨਾਮਾ – 24 ਅਪ੍ਰੈਲ 2025

ਅੰਗ : 804
ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥ ਕੋਟਿ ਜਤਨ ਸੰਤੋਖੁ ਨ ਪਾਇਆ ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥ ਦੇਹੁ ਭਗਤਿ ਪ੍ਰਭ ਅੰਤਰਜਾਮੀ ॥ ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥
ਅਰਥ: ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)। ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥ ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ, ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ॥ ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ। ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ।੩।ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਹੇ ਮਾਲਕ! ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਆਪਣੀ ਭਗਤੀ ਦਾ ਦਾਨ ਦੇਹ।੪।੫।੧੦।

Share On Whatsapp
Leave a Reply