ਅਮ੍ਰਿਤ ਵੇਲੇ ਦਾ ਹੁਕਮਨਾਮਾ – 3 ਜਨਵਰੀ 2023

ਅੰਗ : 487
ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥

ਅਰਥ: (ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ (ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ)।1। ਰਹਾਉ। (ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ; ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ।1। ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ, ਸਾਧ ਸੰਗਤਿ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ।2। ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ ਗਿਣਿਆ ਜਾਣ ਲੱਗ ਪਿਆ।3। ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ।4।2।

Share On Whatsapp
Leave a Reply




"1" Comment
Leave Comment
  1. 🙏Waheguru Ji🙏