ਅੰਗ : 661
ਧਨਾਸਰੀ ਮਹਲਾ ੧ ॥
ਨਦਰਿ ਕਰੇ ਤਾ ਸਿਮਰਿਆ ਜਾਇ ॥ ਆਤਮਾ ਦ੍ਰਵੈ ਰਹੈ ਲਿਵ ਲਾਇ ॥ ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥ ਗੁਰ ਪਰਸਾਦੀ ਪਾਇਆ ਜਾਇ ॥ ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥ ਸਚਿ ਸਿਮਰਿਐ ਹੋਵੈ ਪਰਗਾਸੁ ॥ ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥ ਸਤਿਗੁਰ ਕੀ ਐਸੀ ਵਡਿਆਈ ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥ ਐਸੀ ਸੇਵਕੁ ਸੇਵਾ ਕਰੈ ॥ ਜਿਸ ਕਾ ਜੀਉ ਤਿਸੁ ਆਗੈ ਧਰੈ ॥ ਸਾਹਿਬ ਭਾਵੈ ਸੋ ਪਰਵਾਣੁ ॥ ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥ ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥ ਜੋ ਇਛੈ ਸੋਈ ਫਲੁ ਪਾਏ ॥ ਸਾਚਾ ਸਾਹਿਬੁ ਕਿਰਪਾ ਕਰੈ ॥ ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥ ਭਨਤਿ ਨਾਨਕੁ ਕਰੇ ਵੀਚਾਰੁ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥
ਅਰਥ: ਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਹਾਸਲ ਹੁੰਦਾ ਹੈ, ਤੇ, ਜਿਸ ਮਨੁੱਖ ਦਾ ਚਿੱਤ ਪਰਮਾਤਮਾ ਨਾਲ ਪਰਚ ਜਾਂਦਾ ਹੈ ਉਸ ਨੂੰ ਮੁੜ ਮੌਤ ਦਾ ਡਰ ਨਹੀਂ ਪੋਂਹਦਾ।੧।ਰਹਾਉ।
ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰੇ ਤਾਂ (ਗੁਰੂ ਦੀ ਰਾਹੀਂ) ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। (ਜੋ ਮਨੁੱਖ ਸਿਮਰਦਾ ਹੈ ਉਸ ਦਾ) ਆਤਮਾ (ਦੂਜਿਆਂ ਦੇ ਦੁੱਖ ਵੇਖ ਕੇ) ਨਰਮ ਹੁੰਦਾ ਹੈ (ਕਠੋਰਤਾ ਮੁੱਕ ਜਾਣ ਕਰਕੇ) ਉਹ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ। ਉਹ ਮਨੁੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਇਕੋ ਜਿਹਾ ਸਮਝਦਾ ਹੈ, ਉਸ ਦੇ ਅੰਦਰ ਦੀ ਮੇਰ-ਤੇਰ ਅੰਦਰ ਹੀ ਮਿਟ ਜਾਂਦੀ ਹੈ।੧।
ਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ ਤਾਂ ਸਹੀ ਜੀਵਨ ਦੀ ਸੂਝ ਪੈ ਜਾਂਦੀ ਹੈ, ਉਸ ‘ਪਰਗਾਸ’ ਦੀ ਰਾਹੀਂ ਮਾਇਆ ਵਿਚ ਵਰਤਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਗੁਰੂ ਦੀ ਸਰਨ ਪੈਣ ਵਿਚ ਅਜੇਹੀ ਖ਼ੂਬੀ ਹੈ ਕਿ ਪੁਤ੍ਰ ਇਸਤ੍ਰੀ (ਆਦਿਕ ਪਰਵਾਰ) ਵਿਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।੨।
ਸੇਵਕ ਉਹ ਹੈ ਜੋ (ਮਾਲਕ ਦੀ) ਇਹੋ ਜਿਹੀ ਸੇਵਾ ਕਰੇ ਕਿ ਜਿਸ ਮਾਲਕ ਦੀ ਦਿੱਤੀ ਹੋਈ ਜਿੰਦ ਹੈ ਉਸੇ ਦੇ ਅੱਗੇ ਇਸ ਨੂੰ ਭੇਟਾ ਦੇ ਦੇਵੇ। ਅਜੇਹਾ ਸੇਵਕ ਮਾਲਕ ਨੂੰ ਪਸੰਦ ਆ ਜਾਂਦਾ ਹੈ, (ਮਾਲਕ ਦੇ ਘਰ ਵਿਚ) ਕਬੂਲ ਪੈ ਜਾਂਦਾ ਹੈ, ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪਾਂਦਾ ਹੈ।੩।
ਜੇਹੜਾ ਸੇਵਕ ਆਪਣੇ ਸਤਿਗੁਰੂ ਦੇ ਆਤਮਕ-ਸਰੂਪ (ਸ਼ਬਦ) ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ ਗੁਰੂ ਦੇ ਦਰ ਤੋਂ ਮਨ-ਇੱਛਤ ਫਲ ਹਾਸਲ ਕਰਦਾ ਹੈ, ਸਦਾ-ਥਿਰ ਰਹਿਣ ਵਾਲਾ ਮਾਲਕ-ਪ੍ਰਭੂ ਉਸ ਉਤੇ (ਇਤਨੀ) ਮੇਹਰ ਕਰਦਾ ਹੈ ਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹਿ ਜਾਂਦਾ।੪।
ਨਾਨਕ ਆਖਦਾ ਹੈ-ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਇਸ ਗੁਰ-ਬਾਣੀ ਨਾਲ ਪਿਆਰ ਪਾਂਦਾ ਹੈ, ਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ। (ਸਿਫ਼ਤਿ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ।੫।੨।੪।