ਅੰਗ : 683
ਧਨਾਸਰੀ ਮਹਲਾ ੫ ॥
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ
ਨਾਮੁ ਗੋਬਿੰਦ ਕਾ ਸਦਾ ਲੀਜੈ ॥
ਮਿਟਹਿ ਕਮਾਣੇ ਪਾਪ ਚਿਰਾਣੇ
ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥
ਰਾਜ ਜੋਬਨ ਬਿਸਰੰਤ ਹਰਿ
ਮਾਇਆ ਮਹਾ ਦੁਖੁ
ਏਹੁ ਮਹਾਂਤ ਕਹੈ ॥
ਆਸ ਪਿਆਸ ਰਮਣ ਹਰਿ ਕੀਰਤਨ
ਏਹੁ ਪਦਾਰਥੁ ਭਾਗਵੰਤੁ ਲਹੈ ॥੧॥
ਸਰਣਿ ਸਮਰਥ ਅਕਥ ਅਗੋਚਰਾ
ਪਤਿਤ ਉਧਾਰਣ ਨਾਮੁ ਤੇਰਾ ॥
ਅੰਤਰਜਾਮੀ ਨਾਨਕ ਕੇ ਸੁਆਮੀ
ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
ਅਰਥ: ਧਨਾਸਰੀ ਪੰਜਵੀਂ ਪਾਤਿਸ਼ਾਹੀ।
ਇਸ ਲੋਕ ਵਿੱਚ ਸੁੱਖ, ਪ੍ਰਲੋਕ ਵਿੱਚ ਸੁੱਖ ਅਤੇ ਹਮੇਸ਼ਾਂ ਲਈ ਆਰਾਮ ਹਰੀ ਦੀ ਬੰਦਗੀ ਰਾਹੀਂ ਮਿਲਦਾ ਹੈ। ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
ਸਤਿ ਸੰਗਤ ਵਿੱਚ ਜੁੜਨ ਦੁਆਰਾ ਚਿਰੋਕਣੇ ਕੀਤੇਹੋਏ ਗੁਨਾਹ ਧੋਤੇ ਜਾਂਦੇ ਹਨ ਅਤੇ ਮੁਰਦਿਆਂ ਅੰਦਰ ਨਵਾਂ ਜੀਵਨ ਫੂਕਿਆ ਜਾਂਦਾ ਹੈ। ਠਹਿਰਾਉ।
ਤਾਕਤ, ਜੁਆਨੀ ਅਤੇ ਧਨ ਸੰਪਦਾ ਵਿੱਚ ਵਾਹਿਗੁਰੂ ਵਿਸਰ ਜਾਂਦਾ ਹੈ। ਇਹ ਇਕ ਵੱਡੀ ਮੁਸੀਬਤ ਹੈ। ਪਵਿੱਤਰ ਪੁਰਸ਼ ਇਸ ਤਰ੍ਹਾਂ ਆਖਦੇ ਹਨ।
ਵਾਹਿਗੁਰੂ ਦੀ ਕੀਰਤੀ ਉਚਾਰਨ ਤੇ ਗਾਉਣ ਦੀ ਚਾਹਿਨਾ ਅਤੇ ਤ੍ਰੇਹ ਇਸ ਦੌਲਤ ਦੀ ਦਾਤ ਕੇਵਲ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ।
ਹੇ ਪਨਾਹ ਦੇ ਯੋਗ, ਅਕਹਿ ਅਤੇ ਅਗਾਧ ਸੁਆਮੀ! ਤੈਂਡਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਨਾਨਕ ਦਾ ਸਾਹਿਬ ਦਿਲਾਂ ਦੀਆਂ ਜਾਨਣ ਵਾਲਾ ਹੈ। ਮੈਂਡਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ।