ਅਮ੍ਰਿਤ ਵੇਲੇ ਦਾ ਹੁਕਮਨਾਮਾ – 18 ਜਨਵਰੀ 2025

ਅੰਗ : 651

ਸਲੋਕੁ ਮਃ ੩ ॥ ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਮਃ ੩ ॥ ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਿਣ ਨਾਰਿ ॥ ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ ਪਉੜੀ ॥ ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥

ਅਰਥ: (ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ; (ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਨਾਨਕ ਜੀ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥ ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ; ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ। ਨਾਨਕ ਜੀ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥ ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ, ਰੱਬ ਮਿਹਰ ਹੀ ਕਰੇ! ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ; ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ। ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ। ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰ ਤੇ ਸਤਿਗੁਰੂ ਨੂੰ ਮਿਲਾ ॥੨੩॥

Share On Whatsapp
Leave a Reply