ਸੰਧਿਆ ਵੇਲੇ ਦਾ ਹੁਕਮਨਾਮਾ – 22 ਦਸੰਬਰ 2024

ਅੰਗ : 702

ਜੈਤਸਰੀ ਮਹਲਾ ੯ ੴ ਸਤਿਗੁਰ ਪ੍ਰਸਾਦਿ ॥ ਭੂਲਿਓ ਮਨੁ ਮਾਇਆ ਉਰਝਾਇਓ ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥ ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥ ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥ ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥

ਅਰਥ: ਹੇ ਭਾਈ! ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ, (ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ।੧।ਰਹਾਉ। (ਹੇ ਭਾਈ! ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾਈ ਰੱਖਦਾ ਹੈ। ਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ।੧। ਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ। ਹੇ ਦਾਸ ਨਾਨਕ! ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ।੨।੧।

Share On Whatsapp
Leave a Reply