ਅਮ੍ਰਿਤ ਵੇਲੇ ਦਾ ਹੁਕਮਨਾਮਾ – 5 ਅਕਤੂਬਰ 2024

ਅੰਗ : 664

ਧਨਾਸਰੀ ਮਹਲਾ ੩ ॥
ਸਦਾ ਧਨੁ ਅੰਤਰਿ ਨਾਮੁ ਸਮਾਲੇ ॥ ਜੀਅ ਜੰਤ ਜਿਨਹਿ ਪ੍ਰਤਿਪਾਲੇ ॥ ਮੁਕਤਿ ਪਦਾਰਥੁ ਤਿਨ ਕਉ ਪਾਏ ॥ ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥ ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥ ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥ ਮੂਲਹੁ ਭੁਲਾ ਜਨਮੁ ਗਵਾਏ ॥੨॥ ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥ ਸੇਵਾ ਸਾਚੀ ਨਾਮਿ ਸਮਾਣੀ ॥ ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥ ਸਾਚ ਨਾਮਿ ਵਡਿਆਈ ਪਾਏ ॥੩॥ ਆਪੇ ਕਰਤਾ ਜੁਗਿ ਜੁਗਿ ਸੋਇ ॥ ਨਦਰਿ ਕਰੇ ਮੇਲਾਵਾ ਹੋਇ ॥ ਗੁਰਬਾਣੀ ਤੇ ਹਰਿ ਮੰਨਿ ਵਸਾਏ ॥ ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥

ਅਰਥ: ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ। ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥ ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ॥ ਰਹਾਉ ॥ ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ, ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ। ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥ ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ। (ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥ ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ। ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ। ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ। ਹੇ ਨਾਨਕ ਜੀ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥*

Share On Whatsapp
Leave a Reply