ਅੰਗ : 666
ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ ਹਮ ਮੂਰਖ ਮੂਰਖ ਮਨ ਮਾਹਿ ॥ ਹਉਮੈ ਵਿਚਿ ਸਭ ਕਾਰ ਕਮਾਹਿ ॥ ਗੁਰ ਪਰਸਾਦੀ ਹੰਉਮੈ ਜਾਇ ॥ ਆਪੇ ਬਖਸੇ ਲਏ ਮਿਲਾਇ ॥੨॥ ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ਆਪੁ ਛੋਡਿ ਸਦਾ ਸੁਖੁ ਹੋਈ ॥ ਗੁਰਮਤਿ ਸਾਲਾਹੀ ਸਚੁ ਸੋਈ ॥੩॥ ਆਪੇ ਸਾਜੇ ਕਰਤਾ ਸੋਇ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ਜਿਸੁ ਸਚਿ ਲਾਏ ਸੋਈ ਲਾਗੈ ॥ ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ {ਪੰਨਾ 666}
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ। ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।੧।ਰਹਾਉ।
ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ। ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ। ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ।੧।
ਹੇ ਭਾਈ! ਅਸੀ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, (ਸੋ ਜੋ ਅਸੀ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀ ਨਿਰੋਲ ਮੂਰਖ ਹਾਂ। ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ। (ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ।੨।
(ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ) । ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ। ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ।੩।
ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ। ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ।੪।੮।