ਸੰਧਿਆ ਵੇਲੇ ਦਾ ਹੁਕਮਨਾਮਾ – 15 ਜੁਲਾਈ 2024

ਅੰਗ : 607

ਸੋਰਠਿ ਮਃ ੪ ਦੁਤੁਕੇ ॥ ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ ॥ ਸਾਧੂ ਪਰਸਤ ਹੀ ਪ੍ਰਭੁ ਪਾਇਆ ਗੋਬਿਦ ਸਰਣਿ ਤੁਮਾਰੀ ॥੧॥ ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ ॥ ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥ ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥ ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ ਗੁਣ ਗਾਵੈ ਗੁਣ ਵੀਚਾਰੀ ॥੨॥ ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ ॥ ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥੩॥ ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥ ਨਾਨਕ ਅਤੁਲੁ ਸਹਜ ਸੁਖੁ ਪਾਇਆ ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥

ਅਰਥ: ਜਦੋਂ (ਕਿਸੇ ਵਡਭਾਗੀ ਮਨੁੱਖ ਨੂੰ) ਭਲੇ ਮਨੁੱਖਾਂ ਦੀ ਭਲੀ ਸੰਗਤਿ ਪ੍ਰਾਪਤ ਹੁੰਦੀ ਹੈ, ਉਸ ਨੂੰ ਆਪਣੇ ਹਿਰਦੇ ਵਿਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ, ਪਰਮਾਤਮਾ ਨਾਲ ਉਸ ਦੀ ਬੜੀ ਡੂੰਘੀ ਪ੍ਰੀਤਿ ਬਣ ਜਾਂਦੀ ਹੈ।ਰਹਾਉ।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਵਿਛੁੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ, (ਇਸ ਜਨਮ ਵਿਚ ਭੀ ਆਪਣੇ ਮਨ ਦਾ ਮੁਰੀਦ ਰਹਿ ਕੇ) ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ। (ਪਰ) ਗੁਰੂ ਦੇ ਚਰਨ ਛੁੰਹਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ। ਹੇ ਗੋਬਿੰਦ! ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਉਹ ਤੇਰੀ ਸਰਨ ਆ ਪੈਂਦਾ ਹੈ।੧।
ਹੇ ਪ੍ਰਭੂ! ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈਂ, ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ। (ਹੇ ਭਾਈ!) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ।੨।
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤਿ ਵਾਲੀ ਅਕਲ ਦੂਰ ਕਰ ਲੈਂਦਾ ਹੈ (ਇਹ ਦੁਰਮਤਿ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਸੀ) । ਉਹ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਹੇ ਸਰਬ-ਵਿਆਪਕ ਪ੍ਰਭੂ! ਇਹ ਤੇਰੀ ਸਾਧ ਸੰਗਤਿ ਦੀ ਹੀ ਬਰਕਤਿ ਹੈ।੩।
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ-ਵਿਆਪਕ ਪਰਮਾਤਮਾ ਮਿਲ ਪੈਂਦਾ ਹੈ। (ਪਰ, ਹੇ ਪ੍ਰਭੂ! ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ। ਹੇ ਨਾਨਕ! ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।੪।੭।

Share On Whatsapp
Leave a Reply