ਸੰਧਿਆ ਵੇਲੇ ਦਾ ਹੁਕਮਨਾਮਾ – 3 ਨਵੰਬਰ 2023

ਅੰਗ : 611

ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥

ਅਰਥ: ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ ॥ ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥ ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ, ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥ ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, ਗੋਪਾਲ ਜੀ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥

Share On Whatsapp
Leave a Reply to SIMRANJOT SINGH

Click here to cancel reply.




"1" Comment
Leave Comment
  1. Waheguru Ji🙏🌹